ਪੱਤਰ ਪ੍ਰੇਰਕ, ਜਲੰਧਰ : ਸੁਵਿਧਾ ਸੈਂਟਰ ਦੇ ਮੁਲਾਜ਼ਮ ਸ਼ੁੱਕਰਵਾਰ ਨੂੰ ਦੋ ਦਿਨਾਂ ਹੜਤਾਲ 'ਤੇ ਚੱਲੇ ਗਏ, ਜਿਸ ਦੇ ਚੱਲਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 60 ਤੋਂ ਵੱਧ ਸਰਕਾਰੀ ਸੇਵਾਵਾਂ ਲਈ ਆਉਣ ਵਾਲੇ ਲੋਕਾਂ ਨੂੰ ਬੈਰੰਗ ਪਰਤਣਾ ਪਿਆ। ਹੜਤਾਲ ਦੇ ਚੱਲਦੇ ਲਗਪਗ ਇਕ ਹਜ਼ਾਰ ਬਿਨੈਕਾਰ ਪ੍ਰਭਾਵਤ ਹੋਏ। ਦੁਪਹਿਰ ਤਕ ਲੋਕਾਂ ਦਾ ਆਉਣਾ-ਜਾਣਾ ਲਗਾ ਰਿਹਾ। ਲਗਪਗ 500 ਤੋਂ ਵੱਧ ਤਿਆਰ ਦਸਤਾਵੇਜ਼ਾਂ ਦੀ ਡਿਲਵਰੀ ਵੀ ਪ੍ਰਭਾਵਤ ਹੋਈ।
ਸਭ ਤੋਂ ਵੱਧ ਪਰੇਸ਼ਾਨੀ ਲਰਨਿੰਗ ਡਰਾਈਵਿੰਗ ਲਾਇਸੈਂਸ, ਮੈਰਿਜ ਸਰਟੀਫਿਕੇਟ, ਐਫੀਡੇਵਿਟ, ਆਧਾਰ ਕਾਰਡ ਤੇ ਅਸਲ੍ਹਾ ਲਾਇਸੈਂਸ ਦੀਆਂ ਸੇਵਾਵਾਂ ਨਾਲ ਸਬੰਧਤ ਬਿਨੈਕਾਰਾਂ ਨੂੰ ਹੋਈ। ਕਿਉਂਕਿ ਇਨ੍ਹਾਂ ਸੇਵਾਵਾਂ ਨਾਲ ਸਬੰਧਤ ਬਿਨੈਕਾਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ। ਲਗਪਗ 10 ਮਹੀਨੇ ਬਾਅਦ ਸੁਵਿਧਾ ਸੈਂਟਰ 'ਚ ਹੜਤਾਲ ਹੋਈ ਹੈ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਬੀਤੇ ਵਰ੍ਹੇ ਅਪ੍ਰੈਲ ਮਹੀਨੇ 'ਚ ਧੂਰੀ ਉਪਚੋਣਾਂ ਦੇ ਚੱਲਦੇ ਹੜਤਾਲ ਕੀਤੀ ਸੀ। ਉਸ ਸਮੇਂ ਸੂਬਾ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਛੇਤੀ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਗਿਆ। ਮੁਲਾਜ਼ਮਾਂ ਮੁਤਾਬਕ ਉਹ 10 ਸਾਲ ਤੋਂ ਵੱਧ ਸਮੇਂ ਤੋਂ ਸੁਵਿਧਾ ਸੈਂਟਰ 'ਚ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਰੇਗੂਲਰ ਪੇ ਸਕੇਲ ਦੇਣ ਦੀ ਥਾਂ ਸਰਕਾਰ ਸੇਵਾ ਕੇਂਦਰਾਂ ਤਹਿਤ ਉਨ੍ਹਾਂ ਨੂੰ ਲਿਆਉਣ ਦੀ ਤਿਆਰੀ ਕਰ ਰਹੀ ਹੈ।