ਆਜ਼ਾਦ, ਸ਼ਾਹਕੋਟ/ਮਲਸੀਆਂ : ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦਾ ਵਫਦ ਆਪਣੀ ਹੱਕੀ ਮੰਗਾਂ ਸਬੰਧੀ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੂੰ ਮਿਲਿਆ। ਇਸ ਦੌਰਾਨ ਯੂਨੀਅਨ ਆਗੂਆਂ ਨੇ ਜਿਥੇ ਆਪਣੀਆਂ ਮੰਗਾਂ ਤੋਂ ਸਿੱਖਿਆ ਮੰਤਰੀ ਨੂੰ ਜਾਣੂ ਕਰਵਾਇਆ, ਉਥੇ ਇੱਕ ਮੰਗ ਪੱਤਰ ਸੌਂਪਦਿਆਂ ਯੂਨੀਅਨ ਦੀਆਂ ਮੰਗਾਂ ਛੇਤੀ ਲਾਗੂ ਕਰਨ ਦੀ ਮੰਗ ਕੀਤੀ।
ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗਗਨ ਸ਼ਰਮਾ ਨੇ ਦੱਸਿਆ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ 'ਚ ਰੈਗੂਲਰ ਕਰਨ 'ਤੇ ਹੋਰ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਦੀ ਪ੍ਰਵਾਨਗੀ 'ਤੇ ਕੇਂਦਰ ਸਰਕਾਰ ਵੱਲੋਂ ਬਜਟ ਜਾਰੀ ਕਰਨ ਦੇ ਬਾਵਜੂਦ ਵੀ ਫੀਜਿਓਥਰੈਪਿਸਟ ਕਾਡਰ ਨੂੰ ਤਨਖਾਹ ਸਕੇਲ ਜਾਰੀ ਨਹੀਂ ਕੀਤਾ ਗਿਆ।
ਬੀਤੇ ਦਿਨੀ ਮੁੱਖ ਮੰਤਰੀ ਵੱਲੋਂ ਮੈਰੀਟੋਰੀਅਸ ਸਕੂਲਾਂ 'ਚ ਕੰਮ ਕਰਦੇ ਸਟਾਫ ਨੂੰ ਰੈਗੂਲਰ ਕਰਨ ਲਈ ਦਿੱਤੀ ਪ੍ਰਵਾਨਗੀ ਦਾ ਸਵਾਗਤ ਕਰਦਿਆਂ ਆਗੂਆਂ ਨੇ ਅਪੀਲ ਕੀਤੀ ਕਿ ਮੈਰੀਟੋਰੀਅਸ ਸਕੂਲਾਂ ਦੇ ਸਟਾਫ ਵਾਂਗ ਬਾਕੀ ਮੁਲਾਜ਼ਮਾਂ ਨੂੰ ਵੀ ਛੇਤੀ ਰੈਗੂਲਰ ਕੀਤਾ ਜਾਵੇ।