ਸਟੇਟ ਬਿਊਰੋ, ਨਵੀਂ ਦਿੱਲੀ : ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਦੀ ਵਧਦੀ ਸਰਗਰਮੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨੇਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਨ 'ਚ ਰੁੱਝ ਗਏ ਹਨ। ਅਕਾਲੀ ਨੇਤਾ ਪੰਜਾਬੀ ਸਾਹਿਤ ਅਕਾਦਮੀ ਦੇ ਬਜਟ 'ਚ ਕਮੀ ਤੇ ਨਿਯੁਕਤੀ ਦਾ ਮੁੱਦਾ ਚੁੱਕ ਕੇ ਆਮ ਆਦਮੀ ਪਾਰਟੀ 'ਤੇ ਸਿੱਖ ਧਰਮ ਤੇ ਪੰਜਾਬੀ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾ ਰਹੇ ਹਨ। ਇਸ ਨੂੰ ਲੈ ਕੇ ਅਦਾਲਤ ਤੋਂ ਸੜਕ ਤਕ ਲੜਾਈ ਲੜਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ 'ਚ ਵੀ ਇਹ ਮੁੱਦਾ ਚੁੱਕ ਕੇ ਆਪ ਦੀ ਰਾਹ ਮੁਸ਼ਕਲ ਕਰਨ ਦੀ ਤਿਆਰੀ ਹੈ।
ਅਕਾਲੀ ਨੇਤਾਵਾਂ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਨੇ ਆਪਣੇ ਵਿਧਾਇਕਾਂ ਦੀ ਤਨਖਾਹ 'ਚ ਤਾਂ ਵਾਧਾ ਕਰ ਦਿੱਤੀ ਹੈ ਪਰ ਅਕਾਦਮੀ ਦਾ ਬਜਟ 18 ਕਰੋੜ ਤੋਂ ਘੱਟ ਕਰਕੇ 12 ਕਰੋੜ ਕਰ ਦਿੱਤਾ ਹੈ। ਅਕਾਦਮੀ 'ਚ ਸਕੱਤਰ ਦਾ ਅਹੁਦਾ ਦੋ ਸਾਲਾਂ ਤੋਂ ਖਾਲੀ ਹੈ, ਜਿਸ ਨਾਲ ਕੰਮਕਾਜ ਪ੍ਰਭਾਵਤ ਹੋ ਰਿਹਾ ਹੈ। ਪੰਜਾਬੀ ਅਧਿਆਪਕਾਂ ਦੀ ਤਨਖਾਹ ਵੀ ਨਹੀਂ ਵਧ ਰਹੀ ਹੈ। ਅਕਾਦਮੀ ਦੀ ਪੱਤਿ੍ਰਕਾ ਸਮਦਰਸ਼ੀ ਅਕਾਦਮੀ ਵੱਲੋਂ ਵੰਡੇ ਜਾਣ ਵਾਲੇ ਮੁਫ਼ਤ ਸਾਹਿਤ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਹ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਪੀਸੀ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੋਸ਼ ਲਗਾਇਆ ਕਿ ਅਕਾਦਮੀ ਦੀ ਨਵੀਂ ਗਵਰਨਿੰਗ ਬਾਡੀ 'ਚ ਕਲਾ ਤੇ ਸਾਹਿਤ ਜਗਤ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਆਪ ਵਰਕਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਤਿਲਕ ਨਗਰ ਤੋਂ ਆਪ ਵਿਧਾਇਕ ਜਨਰੈਲ ਸਿੰਘ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਜਦਕਿ ਡਾ. ਮਹੀਪ ਸਿੰਘ, ਡਾ. ਹਰਮੀਤ ਸਿੰਘ ਵਰਗੇ ਸਾਹਿਤਕਾਰ ਇਸ ਅਹੁਦੇ 'ਤੇ ਰਹਿ ਚੱੁਕੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਕਾਦਮੀ ਦਾ ਦਫ਼ਤਰ ਕਿਰਾਇਆ ਤਿੰਨ ਲੱਖ ਰੁਪਏ ਸੀ, ਹੁਣ ਕਿਰਾਏ 'ਤੇ 15 ਲੱਖ ਖ਼ਰਚ ਕੀਤੇ ਜਾ ਰਹੇ ਹਨ। ਉਥੇ, ਬੀਤੇ ਤਿੰਨ ਸਾਲਾਂ 'ਚ ਸਾਹਿਤ ਸਨਮਾਨ ਦੇ ਐਲਾਨ ਦੇ ਬਾਵਜੂਦ ਉਨ੍ਹਾਂ ਨੂੰ ਸਨਮਾਨ ਨਾ ਵੰਡ ਕੇ ਸਾਹਿਤਕਾਰਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ।
ਅਕਾਲੀ ਨੇਤਾਵਾਂ ਮੁਤਾਬਕ ਬੀਤੇ ਦਿਨਾਂ ਪੰਜਾਬੀ ਅਕਾਦਮੀ ਵੱਲੋਂ ਤਾਲਕਟੋਰਾ ਗਾਰਡਨ 'ਚ ਗੁਰਬਾਣੀ ਸੰਗੀਤ ਸਮਾਗਮ ਦੇ ਨਾਂ 'ਤੇ ਕਰਵਾਏ ਗਏ ਪ੍ਰੋਗਰਾਮ 'ਚ ਗੁਰਬਾਣੀ ਦਾ ਗ਼ਲਤ ਉਚਾਰਨ ਕਰਨ ਦੇ ਨਾਲ ਹੀ ਫਿਲਮੀ ਧੁੰਨ ਵਜਾ ਕੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ। ਡੀਐਸਜੀਪੀਸੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਗੁਰਬਾਣੀ ਦੀ ਹੋਈ ਬੇਅਦਬੀ ਅਤੇ ਮਰਿਆਦਾ ਨਾਲ ਖ਼ਿਲਵਾੜ ਖ਼ਿਲਾਫ਼ ਅਕਾਲੀ ਦਲ ਵੱਲੋਂ ਅਕਾਦਮੀ ਦੇ ਉਪ ਪ੍ਰਧਾਨ ਜਨਰੈਲ ਸਿੰਘ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ ਕੀਤੀ ਜਾਵੇਗੀ।