ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੇ ਸੀਆਈਏ ਸਟਾਫ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ 5 ਮੈਂਬਰੀ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਉਸਦੇ ਤਿੰਨ ਮੈਂਬਰਾਂ ਨੂੰ ਗਿ੍ਰਫ਼ਤਾਰ ਕਰਕੇ ਮੁਲਜ਼ਮਾਂ ਪਾਸੋਂ ਇਕ ਦੇਸੀ ਪਿਸਤੌਲ 315 ਬੋਰ ਸਮੇਤ ਵੱਡੀ ਗਿਣਤੀ 'ਚ ਤੇਜ਼ਧਾਰ ਹਥਿਆਰ ਬਰਾਮਦ ਕੀਤੇ।
ਗਿ੍ਰਫ਼ਤਾਰ ਮੁਲਜ਼ਮਾਂ ਨੇ ਕਪੂਰਥਲਾ ਸ਼ਹਿਰ ਸਮੇਤ ਸੁਲਤਾਨਪੁਰ ਸਬ ਡਵੀਜ਼ਨ ਵਿਚ ਲੁੱਟਮਾਰ ਅਤੇ ਖੋਹ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇਣ ਦਾ ਖੁਲਾਸਾ ਕੀਤਾ ਹੈ। ਗਿ੍ਰਫ਼ਤਾਰ ਮੁਲਜ਼ਮਾਂ ਦੇ ਦੋ ਸਾਥੀ ਪੁਲਸ ਟੀਮ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਐਸਐਸਪੀ ਰਜਿੰਦਰ ਸਿੰਘ ਦੇ ਹੁਕਮਾਂ 'ਤੇ ਜ਼ਿਲ੍ਹਾ ਭਰ ਵਿਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਐਸਪੀ ਡੀ. ਜਸਵੀਰ ਸਿੰਘ ਅਤੇ ਡੀਐਸਪੀ ਡੀ. ਹਰਪ੍ਰੀਤ ਸਿੰਘ ਬੈਨੀਪਾਲ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਸਿੰਘ ਨੇ ਸਬ ਇੰਸਪੈਕਟਰ ਗੁਰਪਾਲ ਚੰਦ ਨੂੰ ਨਾਲ ਲੈ ਕੇ ਕਾਂਜਲੀ ਝੀਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਪੁਲਸ ਟੀਮ ਨੇ 5 ਸ਼ੱਕੀ ਵਿਅਕਤੀਆਂ ਨੂੰ ਰੋਕਣ ਦਾ ਇਸ਼ਾਰਾ ਕੀਤਾ, ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲਸ ਪਾਰਟੀ ਨੇ ਘੇਰਾਬੰਦੀ ਕਰਕੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਦਕਿ 2 ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਭੱਜ ਗਏ।
ਗਿ੍ਰਫ਼ਤਾਰ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਨੇ ਆਪਣੇ ਨਾਂ ਦਿਲਬਾਗ ਸਿੰਘ ਉਰਫ ਬਾਘਾ ਪੁੱਤਰ ਜਸਪਾਲ ਸਿੰਘ ਵਾਸੀ ਟਿੱਬਾ ਬਸਤੀ ਸੈਦਪੁਰ, ਨਵਜੋਤ ਸਿੰਘ ਉਰਫ਼ ਜੱਟ ਪੁੱਤਰ ਕਰਨੈਲ ਸਿੰਘ ਵਾਸੀ ਅਮਾਨੀਪੁਰ ਥਾਣਾ ਤਲਵੰਡੀ ਚੌਧਰੀਆਂ, ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਮੁਖਿੰਦਰ ਸਿੰਘ ਵਾਸੀ ਪਿੰਡ ਹੁਸੈਨਪੁਰ ਦੂਲੋਵਾਲ ਵਜੋਂ ਦੱਸਿਆ, ਜਦਕਿ ਫ਼ਰਾਰ ਮੁਲਜ਼ਮਾਂ ਦੀ ਪਛਾਣ ਦਲੇਰ ਸਿੰਘ ਉਰਫ਼ ਦਲੇਰਾ ਪੁੱਤਰ ਲਖਵਿੰਦਰ ਸਿੰਘ ਵਾਸੀ ਤਲਵੰਡੀ ਚੌਧਰੀਆਂ ਅਤੇ ਇੰਦਰਜੀਤ ਸਿੰਘ ਉਰਫ਼ ਫਲੂਟਾ ਪੁੱਤਰ ਪ੍ਰੇਮ ਸਿੰਘ ਵਾਸੀ ਤਲਵੰਡੀ ਚੌਧਰੀਆਂ ਵਜੋਂ ਦੱਸੀ।
ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਇਕ ਵੱਡੇ ਲੁਟੇਰਾ ਗਿਰੋਹ ਦੇ ਮੈਂਬਰ ਹਨ ਅਤੇ ਉਹ ਹੁਣ ਤਕ ਕਪੂਰਥਲਾ ਸ਼ਹਿਰ ਅਤੇ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਵਿਚ ਲੁੱਟਮਾਰ ਦੀਆਂ 7 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਭਵਾਨੀਪੁਰ ਨੇੜੇ ਦੋ ਹਜ਼ਾਰ ਰੁਪਏ ਅਤੇ ਮੋਟਰਸਾਈਕਲ ਖੋਹਿਆ, ਪਿੰਡ ਡੱਲੇ ਨੇੜੇ ਇਕ ਮੋਬਾਈਲ ਫੋਨ ਅਤੇ 2500 ਦੀ ਰਕਮ ਖੋਹੀ, ਪਿੰਡ ਖੁਖਰੈਣ ਨੇੜੇ ਇਕ ਮੋਬਾਈਲ ਫੋਨ ਅਤੇ 2000 ਰੁਪਏ ਦੀ ਰਕਮ ਖੋਹੀ, ਕਪੂਰਥਲਾ ਸ਼ਹਿਰ ਵਿਚ ਮੁਹੱਲਾ ਜੱਟਪੁਰਾ ਨੇੜੇ ਲੇਡੀਜ਼ ਪਰਸ ਖੋਹਿਆ, ਜਿਸ ਵਿਚ ਦੋ ਮੋਬਾਈਲ ਫੋਨ ਅਤੇ 2500 ਦੀ ਨਕਦੀ ਸੀ, ਪਿੰਡ ਭਾਣੋਲੰਗਾ ਨੇੜੇ ਇਕ ਲੇਡੀਜ਼ ਪਰਸ ਖੋਹਿਆ, ਜਿਸ ਵਿਚ 2 ਹਜ਼ਾਰ ਦੀ ਰਕਮ ਅਤੇ ਮੋਬਾਈਲ ਫੋਨ ਸੀ, ਪਿੰਡ ਪੰਡੋਰੀ ਜਗੀਰ ਨੇੜੇ ਇਕ ਮੋਬਾਈਲ ਖੋਹਣ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ, ਜਦਕਿ ਪਿੰਡ ਮਹਾਂਜੀਤਪੁਰ ਨੇੜੇ ਇਕ ਮੋਬਾਈਲ ਫੋਨ ਖੋਹਿਆ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਪਾਸੋਂ ਇਕ ਦੇਸੀ ਪਿਸਤੌਲ 315 ਬੋਰ, ਦੋ ਰਾਊਂਡ, ਦੋ ਦਾਤਰ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਫਿਲਹਾਲ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰਕੇ ਫ਼ਰਾਰ ਮੁਲਜ਼ਮਾਂ ਦਲੇਰ ਸਿੰਘ ਉਰਫ਼ ਦਲੇਰਾ ਅਤੇ ਇੰਦਰਜੀਤ ਸਿੰਘ ਉਰਫ਼ ਫਲੂਟਾ ਦੀ ਗਿ੍ਰਫ਼ਤਾਰੀ ਲਈ ਛਾਪਾਮਾਰੀ ਮੁਹਿੰਮ ਜਾਰੀ ਹੈ। ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।