-ਬੰਗਲਾਦੇਸ਼ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ
-ਆਖ਼ਰੀ ਗੇਂਦ 'ਤੇ ਹਾਸਲ ਕੀਤੀ ਰੋਮਾਂਚਕ ਜਿੱਤ
ਬੰਗਲੌਰ (ਏਜੰਸੀ) : ਮੈਚ ਦੇ ਆਖ਼ਰੀ ਓਵਰ ਦੀਆਂ ਆਖ਼ਰੀ ਤਿੰਨ ਗੇਂਦਾਂ 'ਤੇ ਤਿੰਨ ਵਿਕਟਾਂ ਦੀ ਬਦੌਲਤ ਭਾਰਤ ਨੇ ਰੋਮਾਂਚਕ ਟੀ-20 ਵਿਸ਼ਵ ਕੱਪ ਦੇ ਸੁਪਰ 10 ਦੇ ਗਰੁੱਪ-2 ਮੈਚ ਵਿਚ ਬੁੱਧਵਾਰ ਨੂੰ ਬੰਗਲਾਦੇਸ਼ ਨੂੰ ਇਕ ਦੌੜ ਨਾਲ ਹਰਾ ਕੇ ਸੈਮੀਫਾਈਨਲ 'ਚ ਪੁੱਜਣ ਦੀ ਉਮੀਦ ਜੀਊਂਦੀ ਰੱਖੀ। ਭਾਰਤ ਦੇ 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ ਨੌਂ ਵਿਕਟਾਂ 'ਤੇ 145 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਨੂੰ ਹਾਰਦਿਕ ਪਾਂਡਿਆ ਦੇ ਆਖ਼ਰੀ ਓਵਰ ਵਿਚ ਜਿੱਤ ਲਈ 11 ਦੌੜਾਂ ਚਾਹੀਦੀਆਂ ਸਨ। ਮੁਸ਼ਫਿਕੁਰ ਰਹੀਮ (11) ਨੇ ਲਗਾਤਾਰ ਦੋ ਚੌਕੇ ਲਾਏ ਪਰ ਇਸ ਤੋਂ ਬਾਅਦ ਸ਼ਿਖਰ ਧਵਨ ਨੂੰ ਕੈਚ ਦੇ ਬੈਠੇ। ਆਖ਼ਰੀ ਦੋ ਗੇਂਦਾਂ 'ਤੇ ਦੋ ਦੌੜਾਂ ਚਾਹੀਦੀਆਂ ਸਨ। ਮਹਿਮੂਦੁੱਲ੍ਹਾ (18) ਵੀ ਫੁਲਟਾਸ ਨੂੰ ਰਵਿੰਦਰ ਜਡੇਜਾ ਦੇ ਹੱਥਾਂ ਵਿਚ ਖੇਡ ਗਏ ਜਦਕਿ ਆਖ਼ਰੀ ਗੇਂਦ 'ਤੇ ਵਿਕਟਕੀਪਰ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੁਸਤਫਿਜੁਰ ਰਹਿਮਾਨ (00) ਨੂੰ ਰਨ ਆਊਟ ਕਰਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ। ਭਾਰਤ ਵੱਲੋਂ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ 20 ਜਦਕਿ ਖੱਬੇ ਹੱਥ ਦੇ ਸਪਿਨਰ ਜਡੇਜਾ ਨੇ 22 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਪਾਂਡਿਆ ਨੇ ਤਿੰਨ ਓਵਰ 29 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਲਗਤਾਰ ਤੀਜੀ ਹਾਰ ਨਾਲ ਬੰਗਲਾਦੇਸ਼ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਗਿਆ। ਭਾਰਤ ਦੇ ਖ਼ਿਲਾਫ਼ ਪੰਜ ਟੀ-20 ਮੈਚਾਂ ਵਿਚ ਇਹ ਉਸਦੀ ਲਗਾਤਾਰ ਪੰਜਵੀਂ ਹਾਰ ਹੈ। ਇਸ ਤੋਂ ਪਹਿਲਾਂ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਨੇ ਭਾਰਤ ਨੂੰ ਸੱਤ ਵਿਕਟਾਂ 'ਤੇ 146 ਦੌੜਾਂ 'ਤੇ ਰੋਕ ਦਿੱਤਾ।