ਪਠਾਨਕੋਟ ਦੇ ਸਬੂਤ ਸੌਂਪ ਕੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਕੀਤੀ ਮੰਗ
ਜਾਗਰਣ ਬਿਊਰੋ, ਨਵੀਂ ਦਿੱਲੀ : ਪਠਾਨਕੋਟ ਹਮਲੇ ਦੇ ਸਾਜ਼ਿਸ਼ਕਰਤਾ ਮਸੂਦ ਅਜ਼ਹਰ ਖ਼ਿਲਾਫ਼ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ ਕਰਾਉਣ ਲਈ ਭਾਰਤ ਹੁਣ ਇੰਟਰਪੋਲ ਪਹੁੰਚ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਮਸੂਦ ਸਮੇਤ ਚਾਰ ਲੋਕਾਂ ਖ਼ਿਲਾਫ਼ ਮੌਜੂਦ ਸਬੂਤਾਂ ਦੇ ਨਾਲ ਹੀ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਗ਼ੈਰ ਜ਼ਮਾਨਤੀ ਵਰੰਟ ਦੇ ਆਧਾਰ 'ਤੇ ਕੌਮਾਂਤਰੀ ਵਰੰਟ ਜਾਰੀ ਕਰਨ ਲਈ ਕਿਹਾ ਹੈ। ਪਾਕਿਸਤਾਨ 'ਚ ਬੈਠ ਕੇ ਭਾਰਤ ਦੇ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚਣ ਵਾਲੇ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਖ਼ਿਲਾਫ਼ ਐਨਆਈਏ ਨੇ ਜਮ੍ਹਾ ਕੀਤੇ ਸਬੂਤ ਕੌਮਾਂਤਰੀ ਪੁਲਸ ਏਜੰਸੀ ਇੰਟਰਪੋਲ ਨੂੰ ਸੌਂਪ ਦਿੱਤੇ ਹਨ। ਇਸ ਦੇ ਨਾਲ ਹੀ ਐਨਆਈਏ ਦੀ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਕੀਤੇ ਗਏ ਗ਼ੈਰ-ਜ਼ਮਾਨਤੀ ਵਰੰਟ ਦੀ ਕਾਪੀ ਵੀ ਦਿੱਤੀ ਗਈ ਹੈ। ਅਜ਼ਹਰ ਦੇ ਨਾਲ ਹੀ ਐਨਆਈਏ ਨੇ ਉਸ ਦੇ ਭਰਾ ਅਬਦੁਲ ਰਾਓਫ ਅਤੇ ਦੋ ਹੋਰ ਸਾਜ਼ਿਸ਼ਕਰਤਾਵਾਂ ਕਾਸ਼ਿਫ ਜਾਨ ਅਤੇ ਸ਼ਾਹਿਦ ਲਤੀਫ ਲਈ ਵੀ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਕਿਹਾ ਹੈ। ਐਨਆਈਏ ਨੇ ਆਪਣੀ ਬੇਨਤੀ ਸੀਬੀਆਈ ਜ਼ਰੀਏ ਭੇਜੀ ਹੈ ਕਿਉਂਕਿ ਕੌਮਾਂਤਰੀ ਪੁਲਸ ਏਜੰਸੀ ਨਾਲ ਤਾਲਮੇਲ ਕਰਨ ਵਾਲੀ ਏਜੰਸੀ ਸੀਬੀਆਈ ਹੀ ਹੈ।