ਕੇਕੇ ਗਗਨ, ਜਲੰਧਰ : ਪਿਛਲੇ 15 ਦਿਨਾਂ ਤੋਂ ਡਾ. ਅੰਬੇਡਕਰ ਇੰਸਟੀਚਿਊਟ ਜਲੰਧਰ ਦੇ ਗੇਟ ਅੱਗੇ ਪੱਕਾ ਧਰਨਾ ਲਗਾ ਕੇ ਸੰਘਰਸ਼ ਕਰ ਰਹੇ ਨੌਕਰੀ ਤੋਂ ਕੱਢੇ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਖਾਲੀ ਪੀਪੇ-ਪਰਾਤਾਂ ਖੜਕਾ ਕੇ ਨੌਕਰੀ 'ਤੇ ਮੁੜ ਬਹਾਲ ਕਰਨ ਦੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ ਪ੍ਰਬੰਧਕਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਆਵਾਜ਼ ਬੁਲੰਦ ਕੀਤੀ ਕਿ ਬੱਚੇ ਭੁੱਖੇ ਮਰਦੇ ਆ-ਤੇਰਾ ਸਿਆਪਾ ਕਰਦੇ ਆ, ਠੇਕੇਦਾਰੀ ਨਹੀਂ ਚੱਲੇਗੀ-ਨਹੀਂ ਚੱਲੇਗੀ, ਗੈਰ-ਕਾਨੂੰਨੀ ਢੰਗ ਨਾਲ ਕੱਢੇ ਮੁਲਾਜ਼ਮ ਬਹਾਲ ਕਰੋ-ਬਹਾਲ ਕਰੋ।
ਇਸ ਛਾਂਟੀ ਦੇ ਮਸਲੇ ਨੂੰ ਕਰਨ ਹੱਲ ਲਈ ਅੱਜ ਇੰਸਟੀਚਿਊਟ ਦੇ ਰਜਿਸਟਰਾਰ ਅਜੀਤ ਸਿੰਘ ਨੇ ਗੱਲਬਾਤ ਲਈ ਮੁਲਾਜ਼ਮ ਆਗੂਆਂ ਨੂੰ ਆਪਣੇ ਦਫ਼ਤਰ ਬੁਲਾਇਆ। ਮੀਟਿੰਗ ਦੌਰਾਨ ਆਗੂਆਂ ਨੇ ਪ੍ਰਾਈਵੇਟ ਠੇਕੇਦਾਰ ਦੇ ਬਾਂਡ ਭਰਨ ਦੀ ਸ਼ਰਤ ਤੋਂ ਬਿਨਾਂ ਕੱਢੇ ਮੁਲਾਜ਼ਮ ਪਹਿਲੀਆਂ ਸੇਵਾ ਸ਼ਰਤਾਂ ਅਨੁਸਾਰ ਮੁੜ ਬਹਾਲ ਕਰਨ, ਟੁੱਟੇ ਦਿਨਾਂ ਦਾ ਮੁਆਵਜ਼ਾ ਦੇਣ ਆਦਿ ਦੀ ਮੰਗ ਰੱਖੀ। ਰਜਿਸਟਰਾਰ ਨੇ ਮਾਮਲਾ ਡਾਇਰੈਕਟਰ ਦੇ ਧਿਆਨ ਵਿੱਚ ਲਿਆ ਕੇ ਫੈਸਲਾ ਲੈਣ ਦਾ ਭਰੋਸਾ ਦਿੱਤਾ।
ਗੱਲਬਾਤ 'ਚ ਹਾਜ਼ਰ ਹੋਏ ਮੁਲਾਜ਼ਮ ਆਗੂਆਂ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਅਜੇ ਕੁਮਾਰ, ਬੀਬੀ ਡੇਜ਼ੀ ਤੇ ਫ਼ਕੀਰ ਚੰਦ ਨੇ ਕਿਹਾ ਕਿ ਇੰਸਟੀਚਿਊਟ ਪ੍ਰਬੰਧਕਾਂ ਵੱਲੋਂ ਕਿਰਤ ਕਾਨੂੰਨਾਂ ਦੀ ਕੀਤੀ ਜਾ ਰਹੀ ਉਲੰਘਣਾ, ਪ੍ਰਾਈਵੇਟ ਠੇਕੇਦਾਰ ਦੇ ਮੁਲਾਜ਼ਮਾਂ ਨੂੰ ਬੰਧੂਆ ਮਜ਼ਦੂਰ ਬਣਾਉਣ ਤੇ ਕਿਰਤ ਵਿਰੋਧੀ ਸੋਸ਼ਣ ਦੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਬੰਧਕ ਮੁਲਾਜ਼ਮਾਂ ਦੇ ਸਿਦਕ ਤੇ ਸਬਰ ਦਾ ਇਮਤਿਹਾਨ ਨਾ ਲੈਣ ਅਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ 27 ਅਪ੍ਰੈਲ ਦੀ ਹੋਣ ਵਾਲੀ ਗੱਲਬਾਤ ਵਿੱਚ ਮਸਲੇ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੁਲਾਜ਼ਮ ਆਗੂਆਂ ਰਮੇਸ਼ ਕੁਮਾਰ, ਗੁਰਪ੍ਰੀਤ, ਜਗਜੀਵਨ, ਪੌਲ, ਬਲਜਿੰਦਰ, ਕੁਲਵਿੰਦਰ ਨਵਾਂ ਪਿੰਡ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਵੀਰ ਕੁਮਾਰ ਨੇ ਵੀ ਸੰਬੋਧਨ ਕੀਤਾ।