-ਸੰਸਦ ਮੈਂਬਰਾਂ ਨੇ ਕਿਹਾ, ਦਬਾਅ 'ਚ ਲਾਗੂ ਹੋਇਆ ਆਰਟੀਆਈ ਕਾਨੂੰਨ
-ਪ੍ਰਫੁੱਲ ਦੀ ਚਾਹ ਵਾਲਾ ਸਬੰਧੀ ਟਿੱਪਣੀ 'ਤੇ ਮੋਦੀ ਹੱਸੇ
ਨਵੀਂ ਦਿੱਲੀ (ਪੀਟੀਆਈ) :
ਰਾਜ ਸਭਾ 'ਚ ਵੀਰਵਾਰ ਨੂੰ ਮੈਂਬਰਾਂ ਨੇ ਆਰਟੀਆਈ ਅਤੇ ਪੀਆਈਐਲ ਦੀ ਦੁਰਵਰਤੋਂ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ। ਸਰਕਾਰ ਨੇ ਵੀ ਆਰਟੀਆਈ ਦੀ ਦੁਰਵਰਤੋਂ ਦੇ ਮਾਮਲੇ 'ਤੇ ਗ਼ੌਰ ਕਰਨ ਦਾ ਭਰੋਸਾ ਦਿੱਤਾ ਹੈ।
ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਤਾਂ ਆਰਟੀਆਈ ਅਤੇ ਪੀਆਈਐਲ ਨੂੰ ਦੇਸ਼ ਲਈ ਇਕ ਵੱਡੀ ਸਮੱਸਿਆ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਅਮਰੀਕੀ ਦਬਾਅ 'ਚ ਸੂਚਨਾ ਦਾ ਅਧਿਕਾਰ ਕਾਨੂੰਨ ਪਾਸ ਕੀਤਾ ਗਿਆ ਹੈ। ਕਈ ਵਿਭਾਗਾਂ ਨੇ ਖ਼ੁਦ ਨੂੰ ਇਸ ਦੇ ਦਾਇਰੇ ਤੋਂ ਬਾਹਰ ਰੱਖਣ ਲਈ ਲਿਖਤੀ ਅਰਜ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਪਾਕਿਸਤਾਨ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਗੁਆਂਢੀ ਮੁਲਕਾਂ 'ਚ ਕੀ ਇਸ ਤਰ੍ਹਾਂ ਦਾ ਕੋਈ ਕਾਨੂੰਨ ਹੈ। ਹਾਲਾਂਕਿ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਉਨ੍ਹਾਂ ਦੇ ਦੋਸ਼ਾਂ ਦਾ ਸਖ਼ਤ ਵਿਰੋਧ ਕੀਤਾ। ਕਿਹਾ, ਇਹ ਪੂਰੀ ਤਰ੍ਹਾ ਗ਼ਲਤ ਹੈ।
ਪ੍ਰਸ਼ਨ ਕਾਲ ਦੌਰਾਨ ਐਨਸੀਪੀ ਦੇ ਪ੍ਰਫੁੱਲ ਪਟੇਲ ਨੇ ਆਰਟੀਆਈ ਨੂੰ ਜਲਦਬਾਜ਼ੀ 'ਚ ਪਾਸ ਕੀਤਾ ਗਿਆ ਕਾਨੂੰਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਰਟੀਆਈ ਤਹਿਤ ਕੌਣ ਕੀ ਸਵਾਲ ਪੁੱਛ ਸਕਦਾ ਹੈ ਇਸ ਤਰ੍ਹਾਂ ਦਾ ਕੁਝ ਨਿਰਧਾਰਤ ਨਹੀਂ ਹੈ। ਇਕ ਮਿਜ਼ਾਈਲ ਪ੍ਰੋਗਰਾਮ ਜਾਂ ਕੌਮਾਂਤਰੀ ਸਬੰਧਾਂ 'ਤੇ ਕੋਈ ਪਨਵਾੜੀ ਜਾਂ ਚਾਹ ਵਾਲਾ ਵੀ ਜਾਣਕਾਰੀ ਮੰਗ ਸਕਦਾ ਹੈ। ਪਟੇਲ ਦੇ ਚਾਹ ਵਾਲਾ ਦੇ ਉਦਾਹਰਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਸਣ ਲੱਗੇ। ਉਨ੍ਹਾਂ ਦੇ ਨਾਲ ਬੈਠੇ ਸਦਨ ਦੇ ਨੇਤਾ ਅਰੁਣ ਜੇਤਲੀ ਵੀ ਹੱਸੇ ਬਿਨਾਂ ਨਹੀਂ ਰਹਿ ਸਕੇ।