ਲਖਬੀਰ, ਜਲੰਧਰ : ਨਵੇਂ ਪਟਵਾਰਖਾਨੇ ਸਥਿਤ ਸੁਵਿਧਾ ਸੈਂਟਰ ਅਧੀਨ ਆਉਂਦੇ ਐਸਸੀ/ਬੀਸੀ ਸਰਟੀਫਿਕੇਟ ਬਣਵਾਉਣ ਲਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਸੁਵਿਧਾ ਸੈਂਟਰ ਦੇ ਆਧਾਰ ਕਾਰਡ ਤੇ ਐਫੀਡੇਵਿਟ ਵਾਲੇ ਕਾਊਂਟਰਾਂ 'ਤੇ ਵੀ ਲੋਕਾਂ ਦੀ ਕਾਫੀ ਭੀੜ ਰਹੀ, ਜਿਥੇ ਸ਼ੁੱਕਰਵਾਰ ਐਸਸੀ/ਬੀਸੀ ਦੇ 633 ਸਰਟੀਫਿਕੇਟ ਬਣਾਏ ਗਏ, ਉਥੇ ਅੱਜ ਇਨ੍ਹਾਂ ਦੀ ਗਿਣਤੀ ਇਸ ਤੋਂ ਵੀ ਕਿਤੇ ਪਾਰ ਚਲੀ ਗਈ। ਸੁਵਿਧਾ ਸੈਂਟਰ ਅਧਿਕਾਰੀਆਂ ਵੱਲੋਂ ਐਸਸੀ/ਬੀਸੀ ਸਰਟੀਫਿਕੇਟ ਬਣਵਾਉਣ ਵਾਲਿਆਂ ਲਈ ਕੋਈ ਪ੍ਰਬੰਧ ਨਾ ਕਾਰਨ ਲੋਕ ਪਰੇਸ਼ਾਨ ਹੋ ਰਹੇ ਸਨ।
- ਫਾਰਮ ਖਤਮ ਹੋਣ ਕਾਰਨ ਦੋ ਘੰਟੇ ਹੋਰ ਇੰਤਜ਼ਾਰ
ਸੋਮਵਾਰ ਦੁਪਹਿਰ ਤੋਂ ਪਹਿਲਾਂ ਹੀ ਐਸਸੀ/ਬੀਸੀ ਸਰਟੀਫਿਕੇਟ ਬਣਾਉਣ ਲਈ ਲਗਾਏ ਜਾਣ ਵਾਲੇ ਫਾਰਮ ਖਤਮ ਹੋ ਗਏ। ਲਗਪਗ ਦੋ ਘੰਟਿਆਂ ਤਕ ਫਾਰਮ ਨਾ ਪੁੱਜਣ ਕਾਰਨ ਲੋਕਾਂ ਨੂੰ ਹੋਰ ਮੁਸੀਬਤ ਝਲਣੀ ਪਈ। ਲਗਪਗ ਦੋ ਘੰਟਿਆਂ ਬਾਅਦ ਫਾਰਮ ਆਏ ਤਾਂ ਲੋਕਾਂ ਨੇ ਸ਼ੁੱਕਰ ਮਨਾਇਆ। ਜਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਸੁਵਿਧਾ ਸੈਂਟਰ 'ਚ ਗੋਲੀ ਚੱਲਣ ਦੀ ਘਟਨਾ ਕਾਰਨ ਐਸਸੀ/ਬੀਸੀ ਸਰਟੀਫਿਕੇਟ ਬਣਾਉਣ ਵਾਲੇ ਕਾਊਂਟਰ ਕੋਲ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਪਰ ਸੋਮਵਾਰ ਉਥੇ ਕੋਈ ਪੁਲਸ ਮੁਲਾਜ਼ਮ ਜਾਂ ਸੁਵਿਧਾ ਸੈਂਟਰ ਦਾ ਕੋਈ ਮੁਲਾਜ਼ਮ ਮੌਜੂਦ ਨਹੀਂ ਸੀ।
ਸਵੇਰ 9 ਵਜੇ ਤੋਂ ਆਏ ਰਸਤਾ ਮੁਹੱਲਾ ਦੇ ਮਨੀ, ਮਮਤਾ ਰਾਮਾ ਮੰਡੀ, ਮੋਨਾ ਜੈਤੇਵਾਲੀ, ਪੂਨਮ ਧੋਗੜੀ, ਰਾਮ ਸ਼ਰਨ ਬੂਟਾ ਮੰਡੀ, ਵਿਜੇ ਕੋਟਲਾ, ਸੁਰਿੰਦਰ ਸਿੰਘ ਬਸਤੀ ਦਾਨਿਸ਼ਮੰਦਾ, ਮਨਪ੍ਰੀਤ ਕੌਰ ਬਸਤੀ ਗੁਜ਼ਾਂ, ਸੁਮਨ ਚੌਗਿਟੀ ਆਦਿ ਨੇ ਦੱਸਿਆ ਉਹ ਸਵੇਰ ਤੋਂ ਕਤਾਰਾਂ 'ਚ ਖੜ੍ਹੇ ਹਨ ਤੇ ਸ਼ਾਮ 5 ਵਜੇ ਤੱਕ ਉਨ੍ਹਾਂ ਦੀ ਵਾਰੀ ਨਹੀਂ ਆਈ। ਉਨ੍ਹਾਂ ਦੱਸਿਆ ਕਿ ਸੁਵਿਧਾ ਸੈਂਟਰ ਦੇ 'ਨਿਕੰਮੇ' ਪ੍ਰਬੰਧ ਹੋਣ ਕਾਰਨ ਲੋਕ ਆਪਸ 'ਚ ਉਲਝਦੇ ਰਹੇ। ਲੋਕਾਂ 'ਚ ਇਸ ਗੱਲ 'ਤੇ ਰੋਸ ਸੀ ਕਿ ਜਿਥੇ ਐਸਸੀ/ਬੀਸੀ ਸਰਟੀਫਿਕੇਟ ਬਣਾਏ ਜਾ ਰਹੇ ਹਨ, ਉਥੇ ਭੀੜ ਇੰਨੀ ਜ਼ਿਆਦਾ ਹੈ ਕਿ ਲੋਕ ਆਪਸ ਵਿਚ ਹੀ ਝਗੜ ਰਹੇ ਹਨ। ਉਨ੍ਹਾਂ ਕਿਹਾ ਸੁਵਿਧਾ ਸੈਂਟਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਦੀ ਕਿਸੇ ਵੱਡੇ ਅਧਿਕਾਰੀ ਨੇ ਸਾਰ ਨਹੀਂ ਲਈ।
- ਕੀ ਕਿਹਾ ਸੁਵਿਧਾ ਸੈਂਟਰ ਇੰਚਾਰਜ ਨੇ
ਸੁਵਿਧਾ ਸੈਂਟਰ ਇੰਚਾਰਜ ਰਾਜਬੀਰ ਸਿੰਘ ਨੇ ਕਿਹਾ ਲੋਕਾਂ ਦੀ ਇੰਨੀ ਜ਼ਿਆਦਾ ਭੀੜ ਦਾ ਕਾਰਨ ਸਕੂਲਾਂ ਵੱਲੋਂ ਐਸਸੀ/ਬੀਸੀ ਸਰਟੀਫਿਕੇਟ ਦੀ ਕੀਤੀ ਮੰਗ ਹੈ। ਉਨ੍ਹਾਂ ਕਿਹਾ ਜਿਥੇ ਉਕਤ ਸਰਟੀਫਿਕੇਟ ਕੁਝ ਗਿਣਤੀ ਦੇ ਬਣਦੇ ਸਨ, ਅੱਜ ਉਹ ਲਗਪਗ 650 ਨੇੜੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਛੇਤੀ ਹੀ ਲੋਕਾਂ ਦੀ ਸੁਵਿਧਾ ਲਈ ਹੋਰ ਪ੍ਰਬੰਧ ਕਰ ਦਿੱਤੇ ਜਾਣਗੇ।