ਕੇਕੇ ਗਗਨ, ਜਲੰਧਰ : ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਫਿਲੌਰ ਨੇੜੇ ਆਈਟੀਆਈ ਵੱਲੋਂ ਵਿਦਿਆਰਥੀਆਂ ਦੇ ਭਵਿਖ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੋਲ ਨੰਬਰ ਜਾਰੀ ਨਾ ਕਰਨ ਵਿਰੁੱਧ ਬੁੱਧਵਾਰ ਡੀਸੀ ਜਲੰਧਰ ਨੂੰ ਮਿਲਕੇ ਰੋਲ ਨੰਬਰ ਜਾਰੀ ਕਰਨ ਲਈ ਇਕ ਮੰਗ ਪੱਤਰ ਦਿੱਤਾ। ਇਸ ਮੌਕੇ ਵਿਦਿਆਰਥੀ ਆਗੂਆਂ ਅਜੇ ਫਿਲੌਰ, ਸੰਦੀਪ ਸਿੰਘ, ਮੁਖਬੀਰ ਮੁੱਖ, ਪਿੰ੍ਰਸ ਕੁਮਾਰ ਤੇ ਹੋਰ ਆਗੂਆਂ ਦੀ ਅਗਵਾਈ 'ਚ ਡੀਸੀ ਦੇ ਨਾਂ ਮੰਗ ਪੱਤਰ ਏਡੀਸੀ ਗਿਰੀਸ਼ ਦਿਆਲਨ ਨੂੰ ਦਿੱਤਾ।
ਆਗੂਆਂ ਨੇ ਦੱਸਿਆ ਪ੍ਰਤਾਪਪੁਰਾ ਆਈਟੀਆਈ ਦੀ ਪ੍ਰਬੰਧਕ ਕਮੇਟੀ ਗ਼ੈਰ ਜ਼ਿਮੇਵਾਰ ਵਤੀਰੇ ਕਾਰਨ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਪ੍ਰਬੰਧਕਾਂ ਨੇ ਪੂਰੀ ਫੀਸ ਲੈਕੇ ਪੂਰੀਆਂ ਹਾਜ਼ਰੀਆਂ ਲਗਵਾਕੇ ਵੀ ਰੋਲ ਨੰਬਰ ਜਾਰੀ ਨਹੀਂ ਕੀਤੇ।
ਇਸ ਮੌਕੇ ਸੂਬਾ ਆਗੂ ਅਜੇ ਫਿਲੌਰ ਨੇ ਦਸਿਆ ਵਿਦਿਆਰਥੀਆਂ ਦਾ ਭਵਿਖ ਬਰਬਾਦ ਕਰਨ ਵਾਲੇ ਅਜਿਹੇ ਮਸਲੇ ਹੀ ਹਨ ਜਿਨ੍ਹਾਂ ਕਾਰਨ ਰੋਹਿਤ ਬੇਮੁਲਾ ਵਰਗੇ ਘਟਨਾਯਮ ਲਗਾਤਾਰ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਮਸਲੇ ਨੂੰ ਹੱਲ ਕਰਨ ਦੀ ਬਜਾਏ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਸ ਮੌਕੇ ਪ੍ਰਭਾਤ ਰਵੀ, ਬਲਜੀਤ ਸਿੰਘ, ਇਕਬਾਲ ਸਿੰਘ, ਵਿਸ਼ਾਲ ਤਿਵਾੜੀ, ਮਨੋਜ ਕੁਮਾਰ, ਰਾਕੇਸ਼ ਹਾਜ਼ਰ ਸਨ।