ਸ਼ਾਹਕੋਟ/ਮਲਸੀਆਂ (ਆਜ਼ਾਦ) : ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋਂ ਲੋੜਵੰਦਾਂ ਦੀ ਮਦਦ ਲਈ ਜਿਥੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਸੰਸਥਾ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਹੱਲਾ ਕਰਤਾਰ ਨਗਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕੱਪੜਾ ਬੈਂਕ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸੰਸਥਾ ਦੇ ਪ੍ਰਧਾਨ ਮਨਜੀਤ ਕੌਰ ਨੇ ਦੱਸਿਆ ਮਹਿਲਾ ਸ਼ਕਤੀ ਸੰਸਥਾ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਮਦਦ ਕਰਨਾ ਹੈ।
ਉਨ੍ਹਾਂ ਕਿਹਾ ਸੰਸਥਾ ਵੱਲੋਂ ਮੁਹੱਲਾ ਕਰਤਾਰ ਨਗਰ ਦੇ ਗੁਰਦੁਆਰਾ ਸਾਹਿਬ 'ਚ ਕੱਪੜਾ ਬੈਂਕ ਸ਼ੁਰੂ ਕੀਤਾ ਗਿਆ ਹੈ, ਜਿਸ 'ਚ ਪੁਰਾਣੇ ਪਾਉਣ ਯੋਗ ਕੱਪੜੇ ਜਮਾਂ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਹਰ ਐਤਵਾਰ ਤੇ ਵੀਰਵਾਰ ਕੱਪੜਾ ਬੈਂਕ ਸਵੇਰੇ 8 ਵਜੇ ਤੋਂ 11 ਵਜੇ ਤਕ ਖੋਲਿ੍ਹਆ ਜਾਂਦਾ ਹੈ, ਜਿਸ ਦੌਰਾਨ ਹਰ ਉਮਰ ਦੇ ਲੋੜਵੰਦਾਂ ਨੂੰ ਬੈਂਕ ਵੱਲੋਂ ਉਨ੍ਹਾਂ ਦੀ ਪਸੰਦ ਮੁਤਾਬਕ ਕੱਪੜੇ ਵੰਡੇ ਜਾਂਦੇ ਹਨ। ਉਨ੍ਹਾਂ ਦੱਸਿਆ ਕੱਪੜਾ ਬੈਂਕ ਖੋਲ੍ਹਣ ਨਾਲ ਜਿਥੇ ਲੋਕਾਂ ਵੱਲੋਂ ਪਾਉਣ ਯੋਗ ਪੁਰਾਣੇ ਕੱਪੜੇ ਬੈਂਕ ਵਿੱਚ ਜਮਾਂ ਕਰਵਾਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਉਣ ਯੋਗ ਪੁਰਾਣੇ ਕੱਪੜੇ ਕੱਪੜਾ ਬੈਂਕ 'ਚ ਜਮਾਂ ਕਰਵਾਉਣ ਤਾਂ ਜੋ ਉਹ ਕੱਪੜੇ ਕਿਸੇ ਲੋੜਵੰਦ ਦੇ ਕੰਮ ਆ ਸਕਣ। ਇਸ ਮੌਕੇ ਡਾ. ਨਿਰਮਲ ਕੌਰ ਥਿੰਦ, ਤਿ੍ਰਪਤਾ ਦੁੱਗਲ, ਰੀਟਾ ਸੋਬਤੀ, ਨਿਰਮਲ ਕੌਰ, ਸਰੋਜ ਗੁਪਤਾ, ਸੁਦੇਸ਼ ਗੁਪਤਾ, ਬਲਬੀਰ ਕੌਰ ਆਦਿ ਹਾਜ਼ਰ ਸਨ।