-ਡੀਸੀ ਦੀ ਝਾੜ ਤੋਂ ਬਾਅਦ ਮਾਮਲਾ ਹੋਇਆ ਹੱਲ, ਮਿਲਿਆ ਇਨਸਾਫ
ਲਖਬੀਰ, ਜਲੰਧਰ
ਸੋਮਵਾਰ ਨੂੰ ਰੋਜ਼ਗਾਰ ਦਫਤਰ ਦੀ ਲਾਪਰਵਾਹੀ ਕਾਰਨ ਇਕ ਮੁਟਿਆਰ ਨੂੰ ਰੋਣਾ ਪੈ ਗਿਆ। ਨੌਕਰੀ ਪਾਉਣ ਦੀ ਚਾਹਤ 'ਚ ਇਕ ਮੁਟਿਆਰ ਨੇ ਰੋਜ਼ਗਾਰ ਦਫਤਰ 'ਚ ਅਪਲਾਈ ਕੀਤਾ। ਦਫਤਰ ਦੇ ਮੁਲਾਜ਼ਮਾਂ ਨੇ ਜਦੋਂ ਬਾਕੀ ਦਸਤਾਵੇਜ਼ਾਂ ਦੇ ਨਾਲ ਲੱਗਾ ਐੱਸਸੀ ਸਰਟੀਫਿਕੇਟ ਚੈੱਕ ਕੀਤਾ ਤਾਂ ਉਨ੍ਹਾਂ ਨੂੰ ਲੱਗਾ ਕਿ ਉਹ ਜਾਅਲੀ ਹੈ, ਜਿਸ ਕਾਰਨ ਉਨ੍ਹਾਂ ਉਕਤ ਲੜਕੀ ਨੂੰ ਦੋਬਾਰਾ ਐੱਸਸੀ ਸਰਟੀਫਿਕੇਟ ਬਣਾਉਣ ਲਈ ਜ਼ੋਰ ਪਾਇਆ। ਜਾਣਕਾਰੀ ਅਨੁਸਾਰ ਜਦੋਂ ਉਕਤ ਲੜਕੀ ਨੇ ਸ਼ੁੱਕਰਵਾਰ ਨੂੰ ਦੋਬਾਰਾ ਐੱਸਸੀ ਸਰਟੀਫਿਕੇਟ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਮਾਂ ਜ਼ਿਆਦਾ ਹੋਣ ਕਾਰਨ ਨਹੀਂ ਹੋ ਸਕਿਆ। ਉਸ ਨੂੰ ਸੋਮਵਾਰ ਨੂੰ ਦੋਬਾਰਾ ਆਉਣ ਲਈ ਕਿਹਾ ਗਿਆ। ਸੋਮਵਾਰ ਨੂੰ ਐੱਸਸੀ ਸਰਟੀਫਿਕੇਟ ਬਣਵਾਉਣ ਤੋਂ ਪਹਿਲਾਂ ਉਕਤ ਲੜਕੀ ਨੇ ਐੱਸਸੀ ਸਰਟੀਫਿਕੇਟ ਦੇ ਜਾਅਲੀ ਹੋਣ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਸੁਵਿਧਾ ਸੈਂਟਰ ਦੇ ਇਕ ਅਧਿਕਾਰੀ ਨਾਲ ਗੱਲ ਕੀਤੀ।
ਸੁਵਿਧਾ ਅਧਿਕਾਰੀ ਅਨੁਸਾਰ ਸਰਟੀਫਿਕੇਟ ਸਹੀ ਹੋਣ ਕਾਰਨ ਉਸ ਨੂੰ ਦੋਬਾਰਾ ਰੋਜ਼ਗਾਰ ਦਫਤਰ ਭੇਜ ਦਿੱਤਾ ਪਰ ਉਥੋਂ ਦੇ ਮੁਲਾਜ਼ਮਾਂ ਦੀ ਰਵੱਈਏ ਤੋਂ ਨਿਰਾਸ਼ ਉਕਤ ਲੜਕੀ ਫਿਰ ਐੱਸਸੀ ਸਰਟੀਫਿਕੇਟ ਬਣਾਉਣ ਲਈ ਸੁਵਿਧਾ 'ਚ ਆ ਗਈ ਪਰ ਉਸ ਦਾ ਦੋਬਾਰਾ ਸਰਟੀਫਿਕੇਟ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਕਾਰਨ ਉਹ ਰੌਣ ਲੱਗ ਪਈ। ਉਥੇ ਮੌਜੂਦ ਲੋਕਾਂ ਨੇ ਤਰਸ ਕਰਦਿਆਂ ਉਕਤ ਲੜਕੀ ਨੂੰ ਡੀਸੀ ਕੋਲ ਪੇਸ਼ ਕਰ ਦਿੱਤਾ, ਜਿਥੋਂ ਉਸ ਨੂੰ ਇਨਸਾਫ਼ ਮਿਲ ਸਕਿਆ। ਡੀਸੀ ਨੇ ਤੁਰੰਤ ਰੋਜ਼ਗਾਰ ਦਫਤਰ ਦੀ ਇੰਚਾਰਜ ਨਾਲ ਗੱਲ ਕੀਤੀ ਤੇ ਦੱਸਿਆ ਕਿ ਨਵੀਂ ਤਕਨੀਕ ਅਨੁਸਾਰ ਇਸੇ ਤਰ੍ਹਾਂ ਸਰਟੀਫਿਕੇਟ ਜਾਰੀ ਹੋ ਰਹੇ ਹਨ ਤੇ ਉਕਤ ਸਰਟੀਫਿਕੇਟ ਅਸਲੀ ਹੈ ਜਿਸ ਤੋਂ ਬਾਅਦ ਉਕਤ ਲੜਕੀ ਦਾ ਕੰਮ ਹੋ ਸਕਿਆ।