5ਸਿਟੀ410)- ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੰਦੇ ਡਾ. ਬਲਵਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ। (ਹਾਸ਼ੀਏ 'ਚ) ਜ਼ੇਰੇ ਇਲਾਜ ਜ਼ਖ਼ਮੀ ਸੋਢੀ ਸਿੰਘ।
-ਗੰਭੀਰ ਜ਼ਖ਼ਮੀ ਹਾਲਤ 'ਚ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਕੀਤਾ ਜਲੰਧਰ ਰੈਫਰ
-ਪੁਲਸ ਨੇ ਕੀਤੀ ਜਾਂਚ ਸ਼ੁਰੂ, ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮੌਕੇ ਤੋਂ ਹੋਏ ਫ਼ਰਾਰ
ਸ਼ਾਹਕੋਟ/ਮਲਸੀਆਂ (ਆਜ਼ਾਦ)
ਐਤਵਾਰ ਰਾਤ ਪਿੰਡ ਸਲੈਚਾ ਵਿਖੇ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਵਿਅਕਤੀ 'ਤੇ ਕਾਤਲਾਨਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਦੌਰਾਨ ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ। ਜਗਜੀਤ ਸਿੰਘ ਪੁੱਤਰ ਸੋਢੀ ਸਿੰਘ ਵਾਸੀ ਪਿੰਡ ਸਲੈਚਾਂ ਨੇ ਦੱਸਿਆ ਕਿ ਉਸ ਦਾ ਪਿਤਾ ਸੋਢੀ ਸਿੰਘ ਲੱਕੜ ਦਾ ਕੰਮ ਕਰਦਾ ਹੈ। ਰਾਤ ਕਰੀਬ 8.45 ਵਜੇ ਘਰ ਦਾ ਦਰਵਾਜ਼ਾ ਖੜਕਿਆ ਤਾਂ ਉਸ ਦੀ ਮਾਤਾ ਜਸਵਿੰਦਰ ਕੌਰ ਗੇਟ 'ਤੇ ਦੇਖਣ ਗਈ। ਗੇਟ 'ਤੇ ਚੜ੍ਹੇ ਇੱਕ ਵਿਅਕਤੀ ਨੇ ਕਿਹਾ ਕਿ ਸੋਢੀ ਸਿੰਘ ਨੂੰ ਮਿਲਣਾ ਹੈ। ਉਸ ਦੀ ਮਾਤਾ ਨੇ ਉਸ ਦੇ ਪਿਤਾ ਨੂੰ ਸੁਨੇਹਾ ਦਿੱਤਾ ਤਾਂ ਉਹ ਬਾਹਰ ਚਲੇ ਗਏ। ਬਾਹਰ ਖੜ੍ਹੇ ਵਿਅਕਤੀ ਨੇ ਕਿਹਾ ਕਿ ਕੋਠੀ ਵਿੱਚ ਲੱਕੜ ਦਾ ਕੰਮ ਕਰਵਾਉਣਾ ਹੈ ਤੇ ਕੋਠੀ ਦਾ ਮਾਲਕ ਕਾਰ ਵਿੱਚ ਹੈ ਤੇ ਤੁਹਾਨੂੰ ਮਿਲਣਾ ਚਾਹੁੰਦਾ ਹੈ। ਜਦੋਂ ਉਸ ਦੇ ਪਿਤਾ ਕਾਰ ਕੋਲ ਗਏ ਤਾਂ ਕਾਰ ਵਿੱਚੋਂ 6-7 ਵਿਅਕਤੀ ਬਾਹਰ ਨਿਕਲੇ, ਜਿਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪਿਤਾ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਸੋਢੀ ਸਿੰਘ ਗੰਭੀਰ ਜ਼ਖ਼ਮੀ ਹੋ ਕੇ ਰਸਤੇ ਵਿੱਚ ਡਿੱਗ ਗਿਆ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਸਾਰੇ ਪਰਿਵਾਰਕ ਮੈਂਬਰ ਤੇ ਪਿੰਡ ਦੇ ਹੋਰ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦੇਖ ਹਮਲਾਵਰ ਭੱਜ ਗਏ ਅਤੇ ਜਾਂਦੇ ਹੋਏ ਹਮਲਾਵਰਾਂ ਨੇ ਕੁਝ ਗੋਲੀਆਂ ਵੀ ਚਲਾਈਆਂ। ਉਸ ਨੇ ਦੱਸਿਆ ਕਿ ਇਸ ਹਮਲੇ 'ਚ ਉਸ ਦੇ ਪਿਤਾ ਦੀਆਂ ਦੋਵੇਂ ਲੱਤਾਂ, ਇੱਕ ਬਾਹ ਟੁੱਟ ਗਈ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ। ਡਿਊਟੀ 'ਤੇ ਮੌਜੂਦ ਡਾਕਟਰੀ ਟੀਮ ਨੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕਰ ਦਿੱਤਾ।
ਜਗਜੀਤ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਹਮਲਾ ਰਣਜੀਤ ਸਿੰਘ ਜੀਤਾ, ਹਰਜੀਤ ਸਿੰਘ ਸੋਨੂੰ ਦੋਵੇਂ ਪੁੱਤਰ ਸੁੱਚਾ ਸਿੰਘ ਵਾਸੀ ਤਲਵੰਡੀ ਸੰਘੇੜਾ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਪਿਛਲੇ ਦਿਨੀਂ ਉਨ੍ਹਾਂ ਦੇ ਜਾਣਕਾਰ ਧੰਨਾ ਸਿੰਘ ਸਾਬਕਾ ਸਰਪੰਚ ਤਲਵੰਡੀ ਸੰਘੇੜਾ ਦੇ ਘਰ ਵੀ ਗੋਲੀਆਂ ਚਲਾਈਆਂ ਸਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਚਓ ਓਂਕਾਰ ਸਿੰਘ ਬਰਾੜ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਦੇਰ ਰਾਤ ਤਕ ਪੁਲਸ ਜਾਂਚ 'ਚ ਰੁੱਝੀ ਹੋਈ ਸੀ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਘਟਨਾ ਸਥਾਨ ਤੋਂ ਕੁਝ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ ਤੇ ਪੁਲਸ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ।