ਲਖਬੀਰ, ਜਲੰਧਰ : ਗੁਰਦਾਸਪੁਰ ਦੇ ਦੀਨਾਨਗਰ ਵਿਖੇ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਸ਼ਹੀਦ ਭਗਤ ਯੂਥ ਕਲੱਬ ਲੰਮਾ ਪਿੰਡ ਦੇ ਮੈਂਬਰਾਂ ਨੇ ਕਿਹਾ ਕਿ ਇਹ ਪੰਜਾਬ ਲਈ ਬਹੁਤ ਵੱਡਾ ਦੁਖਾਂਤ ਹੈ। ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਕਿਹਾ ਕਿ ਪੰਜਾਬ ਪੁਲਸ ਨੇ ਅੱਤਵਾਦੀਆਂ ਨੂੰ ਮੰੂਹ ਤੋੜ ਜਵਾਬ ਦੇਣ ਕਾਰਨ ਇਹ ਮਿਸ਼ਨ ਸਫਲ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸ਼ਹੀਦ ਹੋਏ ਕਪੂਰਥਲਾ ਦੇ ਐੱਸਪੀ (ਡੀ) ਬਲਜੀਤ ਸਿੰਘ ਤੇ ਹੋਰ ਪੁਲਸ ਮੁਲਾਜ਼ਮਾਂ ਨੂੰ ਕਲੱਬ ਵੱਲੋਂ 15 ਅਗਸਤ ਨੂੰ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਉਣਾ ਚਾਹੀਦਾ ਹੈ ਕਿਉਂਕਿ ਅਗਰ ਸਰਕਾਰਾਂ ਆਪਣੇ ਫਰਜ਼ ਨੂੰ ਸਹੀ ਢੰਗ ਨਾਲ ਨਿਭਾਉਣ ਤਾਂ ਅਜਿਹੀਆਂ ਘਟਨਾਵਾਂ ਕਦੇ ਨਹੀਂ ਹੋ ਸਕਦੀਆਂ। ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਤੋਂ ਪਰੇ ਹੈ ਕਿ ਪੰਜਾਬ ਅੰਦਰ ਹਥਿਆਰਾਂ ਸਣੇ ਅੱਤਵਾਦੀ ਦਾਖਲ ਕਿਵੇਂ ਹੋ ਗਏ। ਇਸ ਘਟਨਾ ਦੌਰਾਨ ਬੱਸ ਡਰਾਈਵਰ ਨੇ ਵੀ ਆਪਣੀ ਭੂਮਿਕਾ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਦਿਆਂ 76 ਲੋਕਾਂ ਨੂੰ ਅੱਤਵਾਦੀਆਂ ਦਾ ਸ਼ਿਕਾਰ ਹੋਣੋਂ ਬਚਾਇਆ, ਜੋਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਬੱਗਾ ਨੇ ਕਿਹਾ ਕਿ ਪੰਜਾਬ ਪੁਲਸ ਦੇ ਜਵਾਨਾਂ ਨੇ ਆਪਣੀ ਹੋਂਦ ਪ੍ਰਗਟਾਉਂਦਿਆਂ ਬਹੁਤ ਹੀ ਬਹਾਦੁਰੀ ਵਾਲਾ ਕੰਮ ਕੀਤਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ, ਮਨਦੀਪ ਸੈਣੀ, ਵਿਪਨਜੀਤ ਸਿੰਘ, ਗੁਰਪ੍ਰੀਤ ਸਿੰਘ ਸੰਨੀ, ਮਨਦੀਪ ਸਿੰਘ, ਮਨਿੰਦਰ ਸਿੰਘ, ਹਰਵਿੰਦਰ ਸਿੰਘ ਮਨੀ ਬਿਰਲਾ, ਕਮਲਜੀਤ ਜੋਨੀ, ਐਂਡੀ ਪਵਾਰ, ਰਮਨ ਸੈਣੀ ਆਦਿ ਮੌਜੂਦ ਸਨ।
↧