ਨਵੀਂ ਦਿੱਲੀ (ਪੀਟੀਆਈ) : ਪਿਛਲੇ ਤਿੰਨ ਸਾਲਾਂ 'ਚ ਸਾਂਝੀ ਦਾਖ਼ਲਾ ਪ੍ਰੀਖਿਆ (ਜੇਈਈ)-ਮੇਨ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਈ ਹੈ। ਜੇਈਈ-ਮੇਨ ਇੰਜੀਨੀਅਰਿੰਗ ਕਾਲਜਾਂ 'ਚ ਦਾਖ਼ਲੇ ਲਈ ਕਰਵਾਇਆ ਜਾਂਦਾ ਹੈ।
ਮਨੁੱਖੀ ਵਸੀਲੇ ਵਿਕਾਸ ਰਾਜ ਮੰਤਰੀ ਮਹੇਂਦਰ ਨਾਥ ਪਾਂਡੇ ਨੇ ਵੀਰਵਾਰ ਨੂੰ ਰਾਜ ਸਭਾ 'ਚ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਜੇਈਈ-ਮੇਨ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਕੁਝ ਘੱਟ ਹੋਈ ਹੈ ਪਰ ਆਈਆਈਟੀ 'ਚ ਦਾਖ਼ਲੇ ਲਈ ਜੇਈਈ-ਐਡਵਾਂਸ 'ਚ ਵਿਦਿਆਰਥੀਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ। 2014 'ਚ ਜੇਈਈ-ਮੇਨ 'ਚ ਬੈਠਣ ਵਾਲੇ ਵਿਦਿਆਰਥੀਆਂ ਦੀ ਗਿਣਤੀ 12,90,028 ਸੀ। 2015 ਅਤੇ 2016 'ਚ ਇਹ ਘੱਟ ਕੇ ਯਮਵਾਰ 12,34,760 ਅਤੇ 12,07,058 ਹੋ ਗਈ। ਉਨ੍ਹਾਂ ਕਿਹਾ ਕਿ 2014 'ਚ ਜੇਈਈ-ਐਡਵਾਂਸ ਲਈ 1,19,575 ਵਿਦਿਆਰਥੀਆਂ ਦੀ ਚੋਣ ਹੋਈ। 2016 'ਚ ਇਹ ਗਿਣਤੀ ਵਧ ਕੇ 1,47,678 ਹੋ ਗਈ।