ਡੀਐੱਲ ਡਾਨ, ਲੁਧਿਆਣਾ : ਪਿੰਡ ਝਾਂਡੇ ਦੇ ਵਿਕਟੋਰੀਓ ਕਾਲੋਨੀ 'ਚ ਸ਼ਨਿਚਰਵਾਰ ਸਵੇਰ ਤੋਂ ਹੀ ਲੋਕਾਂ ਦੀ ਭੀੜ ਇਕੱਠੀ ਹੋਣੀ ਲੱਗੀ ਸੀ। ਇਥੇ ਇਕ ਫਾਰਮ ਹਾਊਸ 'ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੁਕੇ ਹੋਏ ਸਨ। ਹਾਊਸ ਦੇ ਨੇੜੇ-ਤੇੜੇ ਉੱਚ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਭਾਰੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਸੀ। ਇਸ ਦੌਰਾਨ ਲਗਪਗ ਸਾਢੇ ਨੌਂ ਵਜੇ ਸੱਤ-ਅੱਠ ਨੌਜਵਾਨ ਉੱਥੇ ਪੁੱਜੇ ਅਤੇ ਯੁਵਾ ਕਾਂਗਰਸ ਜ਼ਿੰਦਾਬਾਦ, ਅਰਵਿੰਦ ਕੇਜਰੀਵਾਲ ਮੁਰਦਾਬਾਦ, ਆਮ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਫਾਰਮ ਹਾਊਸ 'ਤੇ ਪੱਥਰ ਵਰ੍ਹਾਉਣ ਲੱਗੇ। ਪੁਲਿਸ ਪਾਰਟੀ ਨੇ ਇਨ੍ਹਾਂ ਨੌਜਵਾਨਾਂ ਨੂੰ ਖਦੇੜਿਆ ਤਾਂ ਸਾਰੇ ਨੌਜਵਾਨ ਕਾਂਗਰਸ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਮੌਕੇ ਤੋਂ ਭੱਜ ਗਏ। ਇਸੇ ਦੌਰਾਨ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਲੀਨਾ ਟਪਾਰੀਆ ਆਪਣੀ ਟੀਮ ਨਾਲ ਮੌਕੇ ਪੁੱਜੀ। ਸਾਰੀਆਂ ਅੌਰਤਾਂ ਨੇ ਆਪਣੇ ਹੱਥਾਂ 'ਚ ਚੂੜੀਆਂ ਫੜੀਆਂ ਸਨ। ਨਾਅਰੇਬਾਜ਼ੀ ਕਰਦੀਆਂ ਸਾਰੀਆਂ ਅੌਰਤਾਂ ਨੇ ਫਾਰਮ ਹਾਊਸ 'ਚ ਚੂੜੀਆਂ ਸੁੱਟ ਦਿੱਤੀਆਂ। ਇਸ ਦੌਰਾਨ ਮਹਿਲਾ ਪੁਲਿਸ ਮੁਲਾਜ਼ਮ ਅੌਰਤਾਂ ਨੂੰ ਕਾਬੂ ਕਰਨ 'ਚ ਰੁੱਝ ਗਈਆਂ ਜਿਸ ਨਾਲ ਇਹ ਅੌਰਤਾਂ ਉਥੋਂ ਆਪਣੀ ਗੱਡੀਆਂ 'ਚ ਸਵਾਰ ਹੋ ਕੇ ਨਾਅਰੇ ਲਗਾਉਂਦੀਆਂ ਚਲੀਆਂ ਗਈਆਂ।
ਸਖ਼ਤ ਤਲਾਸ਼ੀ
ਜਿਸ ਫਾਰਮ ਹਾਊਸ 'ਚ ਅਰਵਿੰਦ ਕੇਜਰੀਵਾਲ ਰੁਕੇ ਹੋਏ ਸਨ ਉਥੋਂ ਦੀ ਸੁਰੱਖਿਆ ਕਾਫੀ ਸਖ਼ਤ ਹੈ। ਸ਼ਨਿਚਰਵਾਰ ਨੂੰ ਜਦ ਆਮ ਆਦਮੀ ਪਾਰਟੀ ਵਲੰਟੀਅਰ ਕੇਜਰੀਵਾਲ ਨੂੰ ਮਿਲਣ ਪੁੱਜੇ ਤਾਂ ਤਲਾਸ਼ੀ ਦੌਰਾਨ ਮੋਬਾਈਲ, ਪਰਸ, ਪੈੱਨ ਜਾਂ ਹੋਰ ਕਈ ਘਾਤਕ ਚੀਜ਼ ਬਾਹਰ ਹੀ ਰਖਵਾ ਲਈਆਂ ਗਈਆਂ।
ਵਲੰਟੀਅਰ ਹੀ ਮਿਲੇ
ਅੰਦਰ ਤੋਂ ਸਖ਼ਤ ਹਦਾਇਤ ਰਹੀ ਕਿ ਕੇਜਰੀਵਾਲ ਨਾਲ ਉਹ ਹੀ ਮਿਲੇ ਜੋ ਪਾਰਟੀ ਦੇ ਵਲੰਟੀਅਰ ਹੈ ਜਾਂ ਪਾਰਟੀ ਦੇ ਸਿਖਰਲੇ ਲੀਡਰ ਆਉਣ ਲਈ ਨਿਰਦੇਸ਼ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਪਰੇਸ਼ਾਨੀ ਹੋਈ ਜੋ ਸਿੱਧੇ ਮਿਲਣ ਆਏ ਸਨ। ਉਥੇ ਕੁਝ ਵਲੰਟੀਅਰਾਂ ਨੂੰ ਮਿਲਾਉਣ 'ਚ ਟਾਲਾ-ਮਟੋਲ ਕਰਨ 'ਤੇ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਜ਼ਿੰਦਾਬਾਦ, ਆਮ ਆਮਦੀ ਪਾਰਟੀ ਜ਼ਿੰਦਾਬਾਦ, ਦਾਦਾਗਿਰੀ ਮੁਰਦਾਬਾਦ ਆਦਿ ਦੇ ਨਾਅਰੇ ਲਗਾਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਦਿੱਤਾ ਗਿਆ।
ਸਾਬਕਾ ਕਮਾਂਡਰ ਆਪ 'ਚ ਸ਼ਾਮਲ
ਆਈਆਰਬੀ ਬਟਾਲੀਅਨ ਦੇ ਸਾਬਕਾ ਕਮਾਂਡੈਂਟ ਅਸ਼ੋਕ ਪੂਰੀ ਸ਼ਨਿਚਰਵਾਰ ਨੂੰ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਅਸ਼ੋਕ ਪੂਰੀ ਨੇ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਪਾਰਟੀ ਜੁਆਇਨ ਕੀਤੀ। ਇਸ ਦੌਰਾਨ ਉਨ੍ਹਾਂ ਦੇ ਸਮਰਥਕ ਅਸ਼ੋਕ ਪੂਰੀ ਜ਼ਿੰਦਾਬਾਦ, ਅਰਵਿੰਦ ਕੇਜਰੀਵਾਲ ਜ਼ਿੰਦਾਬਾਦ ਆਦਿ ਦੇ ਨਾਅਰੇ ਲਗਾਉਂਦੇ ਰਹੇ।
ਘੱਟ ਗਿਣਤੀ ਵਿਰੋਧੀ ਸੁਰ
ਘੱਟ ਗਿਣਤੀ ਦਾ ਪਾਰਟੀ 'ਚ ਕੋਈ ਮਾਣ-ਸਨਮਾਨ ਨਹੀਂ ਹੈ। ਅਜਿਹਾ ਦੋਸ਼ ਲਗਾਉਂਦੇ ਹੋਏ ਮੁਹੰਮਦ ਅਸਲਮ, ਅਬਦੁਲ ਕਰੀਮ, ਜੱਬਾਰ ਅਹਿਮ ਆਦਿ ਨੇ ਘੱਟ ਗਿਣਤੀ ਵਿੰਗ ਬਣਾਏ ਜਾਣ ਦੀ ਮੰਗ ਕੀਤੀ। ਸ਼ਿਕਾਇਤ ਸੁਣਨ ਤੋਂ ਬਾਅਦ ਕੇਜਰੀਵਾਲ ਨੇ ਭਰੋਸਾ ਦਿੱਤਾ ਕਿ ਪਾਰਟੀ 'ਚ ਘੱਟ ਗਿਣਤੀ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਘੱਟ ਗਿਣਤੀ ਵਿੰਗ ਬਣਾਉਣ ਲਈ ਉਹ ਰਾਸ਼ਟਰੀ ਪੱਧਰ 'ਤੇ ਮੀਟਿੰਗ 'ਚ ਚਰਚਾ ਕਰਨਗੇ।