ਜੇਐੱਨਐੱਨ, ਲੁਧਿਆਣਾ : ਸਿਵਲ ਹਸਪਤਾਲ ਦੇ ਜਣੇਪਾ ਵਿਭਾਗ 'ਚ ਸ਼ੁੱਕਰਵਾਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਪਰਿਵਾਰ ਨੇ ਪ੍ਰਬੰਧਕਾਂ 'ਤੇ ਬੱਚਾ ਬਦਲਣ ਦਾ ਦੋਸ਼ ਲਗਾ ਦਿੱਤਾ। ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਵਿਭਾਗ ਦੇ ਗੇਟ 'ਤੇ ਖੜ੍ਹੇ ਹੋ ਕੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਦੇ ਹੀ ਥਾਣਾ-2 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੋਸ਼ ਲਗਾਉਂਦੇ ਹੋਏ ਰਾਜਸਥਾਨ ਦੀ ਮੁਖਸ਼ਿੰਦਰ ਸਿੰਘ ਨੇ ਦੱਸਿਆ ਉਸ ਦੇ ਸਹੁਰੇ ਨਿਊ ਸ਼ਿਮਲਾਪੁਰੀ 'ਚ ਹਨ। ਉਸ ਦੀ ਪਤਨੀ ਗਰਭਵਤੀ ਹੋਣ ਦੇ ਚੱਲਦੇ ਇਥੇ ਰਹਿ ਰਹੀ ਹੈ। ਸ਼ੁੱਕਰਵਾਰ ਉਹ ਪਤਨੀ ਨਾਲ ਸਿਵਲ ਹਸਪਤਾਲ ਦੇ ਜਣੇਪਾ ਵਾਰਡ 'ਚ ਆਏ ਕਿਉਂਕਿ ਉਸ ਦੀ ਤਬੀਅਤ ਜ਼ਿਆਦਾ ਖ਼ਰਾਬ ਸੀ। ਦੇਰ ਸ਼ਾਮ ਪਤਨੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਮੁਖਸ਼ਿੰਦਰ ਨੇ ਦੋਸ਼ ਲਗਾਇਆ ਕਿ ਦਾਈ ਆ ਕੇ ਬੋਲੀ ਕਿ ਉਸ ਦੇ ਪੁੱਤਰ ਹੋਇਆ ਹੈ ਤੇ ਵਧਾਈ ਮੰਗਣ ਲੱਗੀ। ਇਸ 'ਤੇ ਉਨ੍ਹਾਂ ਕਿਹਾ ਹਾਲੇ ਰੁੱਕ ਕੇ ਵਧਾਈ ਦੇਣਗੇ।
ਇਹ ਕਹਿ ਕੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਦੱਸਣ ਲੱਗੇ। ਲਗਪਗ 15 ਮਿੰਟ ਬਾਅਦ ਉਹ ਜਦੋਂ ਆਏ ਤਾਂ ਦਾਈ ਬੋਲੀ ਕਿ ਮੁੰਡਾ ਨਹੀਂ ਕੁੜੀ ਹੋਈ ਹੈ। ਇਹ ਸੁਣਦੇ ਹੀ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਫਾਈਲ ਚੁੱਕੀ ਤਾਂ ਉਥੇ ਮੇਲ ਕੱਟ ਕੇ ਫੀਮੇਲ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਸੱਦਿਆ ਤੇ ਧਰਨਾ ਲਗਾ ਦਿੱਤਾ। ਮੁਖਸ਼ਿੰਦਰ ਨੇ ਮੰਗ ਕੀਤੀ ਕਿ ਡਾਕਟਰ ਤੇ ਦਾਈ 'ਤੇ ਕਾਰਵਾਈ ਕੀਤੀ ਜਾਵੇ ਤੇ ਬੱਚੇ ਦਾ ਡੀਐੱਨਏ ਟੈਸਟ ਕਰਵਾਇਆ ਜਾਵੇ। ਤਾਕਿ ਸੱਚ ਸਾਹਮਣੇ ਆ ਸਕੇ।
ਉਧਰ, ਇਸ ਸਬੰਧੀ ਐੱਸਐੱਮਓ ਸੁਖਜੀਵਨ ਕੱਕੜ ਨੇ ਕਿਹਾ ਉਕਤ ਸਮੇਂ 'ਤੇ ਇਕ ਕੁੜੀ ਨੇ ਜਨਮ ਲਿਆ ਸੀ, ਜਿਸ ਨੂੰ ਮੁਖਸ਼ਿੰਦਰ ਦੀ ਪਤਨੀ ਵੰਦਨਾ ਨੇ ਜਨਮ ਦਿੱਤਾ ਸੀ। ਜੇਕਰ ਪਰਿਵਾਰ ਡੀਐੱਨਏ ਦੀ ਮੰਗ ਕਰ ਰਿਹਾ ਹੈ ਤਾਂ ਉਹ ਸ਼ਿਕਾਇਤ ਲਿਖ ਕੇ ਦੇਣ। ਅਸੀਂ ਡੀਐੱਨਏ ਕਰਵਾ ਦਿਆਂਗੇ।