16ਸਿਟੀ-ਪੀ526- ਚੰਡੀਗੜ੍ਹ 'ਚ ਸਰਕਾਰ ਦਾ ਪੁਤਲਾ ਸਾੜਦੇ ਸੁਵਿਧਾ ਸੈਂਟਰ ਮੁਲਾਜ਼ਮ।
16ਸਿਟੀ-ਪੀ527- ਪੁਲਸ ਤਸ਼ੱਦਦ ਦਾ ਸ਼ਿਕਾਰ ਹੁੰਦੇ ਸੁਵਿਧਾ ਸੈਂਟਰ ਇੰਚਾਰਜ ਰਾਜਬੀਰ ਸਿੰਘ ਤੇ ਹੋਰ ਮੁਲਾਜ਼ਮ।
-ਸਰਕਾਰ ਨੇ ਸੂਬੇ ਦੇ ਡੀਸੀ'ਜ਼ ਕੋਲੋਂ ਹੜਤਾਲ ਮੁਲਾਜ਼ਮਾਂ ਨੂੰ ਜਾਰੀ ਕੀਤੇ ਨੋਟਿਸਾਂ ਦੀ ਰਿਪੋਰਟ
- ਚੰਡੀਗੜ੍ਹ 'ਚ ਸੰਘਰਸ਼ ਕਰ ਰਹੇ ਸੁਵਿਧਾ ਮੁਲਾਜ਼ਮਾਂ 'ਤੇ ਹੋਇਆ ਲਾਠੀਚਾਰਜ
ਲਖਬੀਰ, ਜਲੰਧਰ : ਸੁਵਿਧਾ ਸੈਂਟਰ ਮੁਲਾਜ਼ਮਾਂ ਦੀ ਹੜਤਾਲ 10ਵੇਂ ਦਿਨ 'ਚ ਪ੍ਰਵੇਸ਼ ਕਰ ਚੁੱਕੀ ਹੈ। ਇਸ ਦੌਰਾਨ ਜਨਤਾ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸਰਕਾਰ ਨੇ ਹੜਤਾਲ 'ਚ ਸ਼ਾਮਲ ਹੋਣ ਵਾਲੇ ਜਿਨ੍ਹਾਂ ਮੁਲਾਜ਼ਮਾਂ ਨੂੰ ਕੰਮ 'ਤੇ ਪਰਤਣ ਸਬੰਧੀ ਨੋਟਿਸ ਜਾਰੀ ਕੀਤੇ ਸਨ, ਉਸ ਦਾ ਲੇਖਾ-ਜੋਖਾ ਵੀ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਪਾਸੋਂ ਸਰਕਾਰ ਨੇ ਰਿਪੋਰਟ ਮੰਗੀ ਹੈ ਕਿ ਨੋਟਿਸ ਜਾਰੀ ਕਰਨ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ 'ਤੇ ਕੀ ਕਾਰਵਾਈ ਕੀਤੀ ਗਈ ਹੈ।
ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਗਏ ਅਜਿਹੇ ਆਦੇਸ਼ਾਂ ਤੋਂ ਸਾਫ ਹੁੰਦਾ ਹੈ ਕਿ ਸੂਬਾ ਸਰਕਾਰ ਸੁਵਿਧਾ ਕਰਮੀਆਂ ਦੇ ਮਾਮਲੇ 'ਚ ਕੋਈ ਜ਼ਿਆਦਾ ਨਰਮ ਨਹੀਂ ਹੈ। ਸੁਵਿਧਾ ਸੈਂਟਰ ਮੁਲਾਜ਼ਮਾਂ 'ਤੇ ਕਦੇ ਵੀ ਨਜ਼ਲਾ ਡਿੱਗ ਸਕਦਾ ਹੈ ਤੇ ਉਹ ਸਰਕਾਰ ਦੀ ਸਖ਼ਤੀ ਦਾ ਸ਼ਿਕਾਰ ਹੋ ਸਕਦੇ ਹਨ। ਦੂਜੇ ਪਾਸੇ ਸੇਵਾ ਕੇਂਦਰਾਂ ਦਾ ਕੰਮ ਦੇਖ ਰਹੀ ਪ੍ਰਾਈਵੇਟ ਕੰਪਨੀ ਬੀਐੱਲਐੱਸ ਵੀ ਆਪਣੀ ਪਕੜ ਮਜ਼ਬੂਤ ਕਰਦੀ ਜਾ ਰਹੀ ਹੈ। ਸੂਬੇ ਭਰ 'ਚ ਤਕਰੀਬਨ 160 ਸੁਵਿਧਾ ਸੈਂਟਰ ਹਨ, ਜਿਨ੍ਹਾਂ 'ਚ 11 ਸੌ ਤੋਂ ਵੱਧ ਮੁਲਾਜ਼ਮ ਸੇਵਾਵਾਂ ਦੇ ਰਹੇ ਸਨ, ਜਿਨ੍ਹਾਂ ਦੀਆਂ ਨੌਕਰੀਆਂ ਇਸ ਸਮੇਂ ਦਾਅ 'ਤੇ ਲੱਗੀਆਂ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਜਿਥੇ ਇਕ ਪਾਸੇ ਸੁਵਿਧਾ ਸੈਂਟਰ ਮੁਲਾਜ਼ਮ ਆਪਣੀਆਂ ਨੌਕਰੀਆਂ ਪੱਕੀਆਂ ਕਰਨ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸਨ, ਉਥੇ ਦੂਜੇ ਪਾਸੇ ਉਨ੍ਹਾਂ ਨੂੰ ਸੇਵਾ ਕੇਂਦਰਾਂ 'ਚ ਪ੍ਰਾਈਵੇਟ ਕੰਪਨੀ ਅਧੀਨ ਕੰਮ ਕਰਨ ਲਈ ਕਿਹਾ ਜਾ ਰਿਹਾ ਸੀ, ਜਿਸ ਤੋਂ ਖਫਾ ਹੋ ਕੇ ਬੀਤੇ 10 ਦਿਨਾਂ ਤੋਂ ਉਹ ਚੰਡੀਗੜ੍ਹ ਵਿਖੇ ਧਰਨਾ ਪ੍ਰਦਰਸ਼ਨ ਕਰਦੇ ਆ ਰਹੇ ਹਨ।
- ਸੁਵਿਧਾ ਸੈਂਟਰ ਮੁਲਾਜ਼ਮਾਂ 'ਤੇ ਹੋਇਆ ਲਾਠੀਚਾਰਜ
ਹੱਕੀ ਮੰਗਾਂ ਲਈ ਚੰਡੀਗੜ੍ਹ 'ਚ ਸੰਘਰਸ਼ ਕਰਦੇ ਆ ਰਹੇ ਸੁਵਿਧਾ ਸੈਂਟਰ ਮੁਲਾਜ਼ਮ ਸ਼ੁੱਕਰਵਾਰ ਨੂੰ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ। ਯੂਨੀਅਨ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਚੰਡੀਗੜ੍ਹ-ਦਿੱਲੀ ਜੀਰਕਪੁਰ ਹਾਈਵੇ 'ਤੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਦੌਰਾਨ ਪੁਲਿਸ ਮੁਲਾਜ਼ਮ ਸੁਵਿਧਾ ਸੈਂਟਰ ਕਰਮੀਆਂ ਨੂੰ ਗਿ੍ਰਫ਼ਤਾਰ ਕਰਕੇ ਅਣਪਛਾਤੀ ਥਾਂ 'ਤੇ ਲੈ ਗਏ, ਜਿਥੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਗਿਆ। ਲਾਠੀਚਾਰਜ ਦੌਰਾਨ ਪੁਲਿਸ ਦੀ ਕੋਈ ਵੀ ਮਹਿਲਾ ਮੁਲਾਜ਼ਮ ਨਾ ਹੋਣ ਦੇ ਬਾਵਜੂਦ ਮਹਿਲਾ ਸੁਵਿਧਾ ਸੈਂਟਰ ਕਰਮੀਆਂ ਨਾਲ ਧੱਕਾ-ਮੁੱਕੀ ਕੀਤੀ ਗਈ।