ਨਵੀਂ ਦਿੱਲੀ (ਏਜੰਸੀ) : ਵਿਦੇਸ਼ 'ਚ ਮੰਦੀ ਕਾਰਨ ਗਹਿਣੇ ਬਣਾਉਣ ਵਾਲਿਆਂ ਅਤੇ ਰਿਟੇਲ ਵਿਯੇਤਾਵਾਂ ਦੀ ਮੰਗ ਘਟਣ ਨਾਲ ਮੰਗਲਵਾਰ ਨੂੰ ਸੋਨਾ ਚਾਰ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ। ਇਸ ਦਿਨ ਸਥਾਨਕ ਸਰਾਫਾ ਬਾਜ਼ਾਰ 'ਚ ਇਹ ਪੀਲੀ ਧਾਤੂ 450 ਰੁਪਏ ਟੁੱਟ ਕੇ 25,700 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਬੀਤੇ ਦਿਨ ਇਹ ਧਾਤੂ 235 ਰੁਪਏ ਉਛਲੀ ਸੀ। ਇਸੇ ਤਰ੍ਹਾਂ ਸਨਅਤੀ ਇਕਾਈਆਂ ਅਤੇ ਸਿੱਕਾ ਬਣਾਉਣ ਵਾਲਿਆਂ ਦੀ ਖ਼ਰੀਦਦਾਰੀ ਘਟਣ ਨਾਲ ਚਾਂਦੀ 500 ਰੁਪਏ ਟੁੱਟ ਕੇ 34,100 ਰੁਪਏ ਪ੍ਰਤੀ ਕਿਲੋ ਹੋ ਗਈ। ਸੋਮਵਾਰ ਨੂੰ ਇਹ ਸਫੈਦ ਧਾਤੂ 300 ਰੁਪਏ ਚਮਕੀ ਸੀ। ਅਮਰੀਕੀ ਕੇਂਦਰੀ ਬੈਂਕ ਵੱਲੋਂ ਅਗਲੇ ਮਹੀਨੇ ਦਰ ਵਧਾਏ ਜਾਣ ਦੇ ਪੱਕੇ ਆਸਾਰ ਹਨ। ਵਿਆਜ 'ਚ ਵਾਧੇ ਨਾਲ ਸੋਨੇ ਦੀ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਮੰਗ ਘਟੇਗੀ। ਇਸੇ ਖ਼ਦਸ਼ੇ ਨਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਪੀਲੀ ਧਾਤੂ ਪੰਜ ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਇਸ ਦਿਨ ਸਿੰਗਾਪੁਰ 'ਚ ਸੋਨਾ ਡਿੱਗ ਕੇ 1078 ਡਾਲਰ ਪ੍ਰਤੀ ਅੌਂਸ ਹੋ ਗਿਆ। ਇਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਪਿਆ, ਜਿਥੇ ਜ਼ਿਆਦਾਤਰ ਗਹਿਣੇ ਬਣਾਉਣ ਵਾਲਿਆਂ ਤੇ ਰਿਟੇਲਰਾਂ ਨੇ ਖ਼ਰੀਦਦਾਰੀ ਤੋਂ ਪਰਹੇਜ਼ ਕੀਤਾ।
ਇਸ ਨਾਲ ਸਥਾਨਕ ਬਾਜ਼ਾਰ 'ਚ ਸੋਨੇ ਦੇ ਗਹਿਣਿਆਂ ਦਾ ਮੁੱਲ 450 ਰੁਪਏ ਦਾ ਘਾਟਾ ਖਾ ਕੇ 25,550 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਅੱਠ ਗ੍ਰਾਮ ਵਾਲੀ ਗਿੰਨੀ ਪੁਰਾਣੇ ਪੱਧਰ 'ਤੇ 22,200 ਰੁਪਏ 'ਤੇ ਕਾਇਮ ਰਹੀ। ਹਫ਼ਤਾਵਰੀ ਡਲਿਵਰੀ ਵਾਲੀ ਚਾਂਦੀ 620 ਰੁਪਏ ਗੁਆ ਕੇ 33,640 ਰੁਪਏ ਪ੍ਰਤੀ ਕਿਲੋ ਬੋਲੀ ਗਈ। ਚਾਂਦੀ ਸਿੱਕਾ ਪੁਰਾਣੇ ਪੱਧਰ 48,000-49,000 ਰੁਪਏ ਪ੍ਰਤੀ ਸੈਂਕੜੇ 'ਤੇ ਬਰਕਰਾਰ ਰਿਹਾ।