ਸਤਵਿੰਦਰ ਸ਼ਰਮਾ, ਲੁਧਿਆਣਾ : ਸੁਖਬੀਰ ਬਾਦਲ ਦਾ ਬੀਤੇ ਦਿਨ ਦਿੱਤਾ ਗਿਆ ਬਿਆਨ ਜਿਸ ਵਿੱਚ ਉਹ ਪੰਜਾਬੀਆਂ ਨੂੰ ਧਮਕੀ ਦੇ ਰਿਹਾ ਹੈ ਕਿ ਉਹ ਪੰਜਾਬੀਆਂ ਨੂੰ ਖੰਘਣ ਨਹੀਂ ਦਵੇਗਾ ਤੇ ਅਕਾਲੀ ਆਗੂਆਂ ਦੇ ਿਘਰਾਓ ਬਾਰੇ ਸੋਚਣ ਵਾਲਿਆਂ ਦਾ ਬੁਰਾ ਹਾਲ ਕਰੇਗਾ। ਸਿਰਫ ਤੇ ਸਿਰਫ ਪੰਜਾਬੀ ਕੋਮ ਦੀ ਅਣਖ ਨੂੰ ਲਲਕਾਰਨ ਵਾਲਾ ਤੇ ਬਾਦਲ ਪਰਿਵਾਰ ਦੇ ਹੰਕਾਰ ਨੂੰ ਦਰਸਾਉਣ ਵਾਲਾ ਬਿਆਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟੀਮ ਇਨਸਾਫ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਇਕ ਪ੍ਰੈਸ ਨੋਟ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਦਾ ਹੰਕਾਰ ਪਹਿਲਾਂ ਵੀ ਕਿਸੇ ਤੋਂ ਛੁਪਿਆ ਨਹੀਂ ਹੋਇਆ ਸੀ ਤੇ ਹੁਣ ਹੰਕਾਰ ਦੀ ਹਰ ਹੱਦ ਨੂੰ ਪਾਰ ਕਰਦੇ ਹੋਏ ਰਾਜ ਦੇ ਲੋਕਾਂ ਨੂੰ ਧਮਕੀ ਦੇ ਕੇ ਸੁਖਬੀਰ ਨੇ ਅਹਿਮਦ ਸ਼ਾਹ ਅਬਦਾਲੀ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਰਗਿਆਂ ਦੀ ਯਾਦ ਤਾਜਾ ਕਰਵਾ ਦਿੱਤੀ ਹੈ। ਪੰਜਾਬ ਦੀ ਜਨਤਾ ਨਾਲ ਪਹਿਲਾਂ ਹੀ ਧੱਕੇਸ਼ਾਹੀ ਦੀ ਹਰ ਹੱਦ ਨੂੰ ਪਾਰ ਕਰਨ ਵਾਲਾ ਸੁਖਬੀਰ ਬਾਦਲ ਹੁਣ ਸ਼ਰੇਆਮ ਲੋਕਾਂ ਨੂੰ ਧਮਕੀਆਂ ਸਿਰਫ ਇਸ ਕਰ ਕੇ ਦੇ ਰਿਹਾ ਹੈ ਕਿਉਂਕਿ ਇਸ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆਉਣਾ ਹੁਣ ਕਿਸੇ ਹਾਲਤ ਵਿੱਚ ਵੀ ਸੰਭਵ ਨਹੀਂ ਰਿਹਾ ਤੇ ਡੰਡੇ ਤੇ ਪੈਸੇ ਦੇ ਜ਼ੋਰ 'ਤੇ ਸਰਕਾਰ ਬਣਾਉਣ ਦੇ ਸੁਪਨੇ ਦੇਖਣ ਵਾਲੇ ਛੋਟੇ ਬਾਦਲ ਨੇ ਹੁਣ ਤੋਂ ਹੀ ਲੋਕਾਂ ਨੂੰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸ਼ਾਇਦ ਇਸ ਗੱਲ ਨੂੰ ਭੁੱਲ ਚੁੱਕਾ ਹੈ ਕਿ ਪੰਜਾਬੀ ਕੋਮ ਸਮੁੱਚੇ ਸਮਾਜ ਵਿੱਚ ਆਪਣੇ ਅਣਖੀਲੇ ਸੁਭਾਅ ਵੱਜੋਂ ਜਾਣੀ ਜਾਂਦੀ ਹੈ ਤੇ ਬਾਦਲਾਂ ਦੇ ਇਸ ਹੰਕਾਰ ਕਰਕੇ ਹੀ ਪੰਜਾਬੀ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨਗੇ। ਇਸ ਮੌਕੇ ਉਨ੍ਹਾਂ ਸਰਾਭਾ ਵਿਖੇ ਪੱਤਰਕਾਰਾਂ ਨੂੰ ਨਜਰਬੰਦ ਕੀਤੇ ਜਾਣ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਕਿ ਆਪਣੀ ਅਸਲੀਅਤ ਲੁਕਾਉਣ ਦੀ ਕੋਸ਼ਿਸ਼ ਵਿੱਚ ਅਜਿਹੀਆਂ ਨੀਚ ਹਰਕਤਾਂ ਕਰਵਾਉਣ ਵਾਲੇ ਬਾਦਲਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਨਤਾ ਅੱਗੇ ਉਨ੍ਹਾਂ ਦੀ ਹਰ ਪੋਲ੍ਹ ਖੁੱਲ੍ਹ ਚੁੱਕੀ ਹੈ ਤੇ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਕਰ ਕੇ ਉਹ ਆਪਣੀ ਅਸਲੀਅਤ ਨਹੀਂ ਛੁਪਾ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਸਮਾਗਮ ਵਿੱਚ ਪ੍ਰਸ਼ਾਸਨ ਦਾ ਧਿਆਨ ਲੋਕਾਂ ਦੀਆਂ ਜੁੱਤੀਆਂ ਵੱਲ ਲਗਵਾਉਣਾ ਵੀ ਇਹ ਗੱਲ ਸਾਬਿਤ ਕਰਦਾ ਹੈ ਕਿ ਬਾਦਲ ਜਾਣਦੇ ਹਨ ਕਿ ਜਨਤਾ ਤੋਂ ਕੁਝ ਲੁਕਿਆ ਨਹੀਂ ਹੋਇਆ ਤੇ ਹੁਣ ਇਸ ਦਾ ਜਵਾਬ ਜਨਤਾ ਉਨ੍ਹਾਂ ਨੂੰ 2017 ਵਿਧਾਨ ਸਭਾ ਚੋਣਾਂ ਵਿੱਚ ਦੇਣ ਲਈ ਤਿਆਰ ਬੈਠੀ ਹੈ।
↧